ਪਾਖੰਡਵਾਦ ਦੀ ਪੋਲ-ਖੋਲ | ਕਿਵੇਂ ਕਰਨੇ ਹਵਨ ? ਕਿਵੇਂ ਰੱਖਣੇ ਵਰਤ ?? ਦੇਖੋ ਪੂਰੀ ਵੀਡੀਓ..!

ਅੱਜ ਚਾਰੇ ਪਾਸੇ ਵਾਲ ਤੇ ਗੁੱਤਾਂ ਵੱਢਣ ਦਾ ਰੌਲਾ ਪੈ ਰਿਹਾ ਹੈ। ਜਿਸ ਦਿਨ ਇਸ ਸਬੰਧੀ ਪਹਿਲੀ ਘਟਨਾ ਵਾਪਰੀ ਸੀ, ਅਸੀਂ ਉਸੇ ਦਿਨ ਇਸ ਨੂੰ “ਪਾਖੰਡ ਦਾ ਡਰਾਮਾ” ਦੱਸਿਆ ਸੀ ਕਿਉਂਕਿ ਸਾਨੂੰ ਪੂਰਨ ਭਰੋਸਾ ਸੀ ਕਿ ਉਹ ਤਾਕਤਾਂ ਜਿਹੜੀਆਂ ਦੇਸ਼ ’ਚ ਅੰਧ ਵਿਸ਼ਵਾਸ  ਫੈਲਾ ਕੇ ਆਪਣੀ ਲੁਟ ਕਰਦੀ ਹਨ, ਓਹੀ ਤਾਕਤਾਂ ਹੁਣ ਨਵਾਂ “ਸ਼ੋਸਾ” ਲੈ ਕੇ ਮੈਦਾਨ ਚ ਹਨ। ਇਸ ਦੇਸ਼ ਦੇ ਅਨਪੜ ਤੋਂ ਇਲਾਵਾ ਪੜੇ ਲਿਖੇ 90 ਫੀਸਦੀ ਲੋਕ ਵੀ ਅੰਧ ਵਿਸ਼ਵਾਸ ਦੀ ਜਕੜ ’ਚ ਹਨ। ਇਸੇ ਕਾਰਣ ਇਸ ਦੇਸ਼’ਚ ਤਾਂਤਰਿਕਾਂ, ਜੋਤਸ਼ੀਆਂ ਤੇ ਪਾਖੰਡੀ ਬਾਬਿਆਂ ਦਾ ਚਾਰੇ ਪਾਸੇ ਬੋਲ-ਬਾਲਾ ਹੈ। ਕਿਸੇ ਤਾਂਤਰਿਕ ਕੋਲ ਚਲੇ ਜਾਓ, ਉਥੇ ਲੋਕਾਂ ਦਾ ਹੜ, ਕਿਸੇ ਜੋਤਸ਼ੀ ਕੋਲ ਚਲੇ ਜਾਓ ਉਥੇ ਆਪਣਾ ਨੰਬਰ ਉਡੀਕਣ ਲਈ ਕਈ ਘੰਟੇ ਲੱਗਦੇ ਹਨ, ਪਾਖੰਡੀ ਬਾਬਿਆਂ ਦਾ ਤਾਂ ਕੀ ਕਹਿਣਾ, ਭੀੜਾਂ ਹੀ ਭੀੜਾਂ। ਅਜਿਹੇ ਮਾਹੌਲ ਦਾ ਲਾਹਾ ਲੈਣ ਲਈ ਪਾਖੰਡੀ ਸ਼ਕਤੀਆਂ ਸਮੇਂ- ਸਮੇਂ ਕੋਈ “ਨਵਾਂ ਪਾਖੰਡੀ ਡਰਾਮਾ” ਸੁਰੂ ਕਰਕੇ ਲੋਕਾਂ ਦੀ ਲੁੱਟ ਸ਼ੁਰੂ ਕਰ ਦਿੰਦੀਆਂ ਹਨ। ਜਦੋਂ ਸਮੇਂ ਦੀ ਸਰਕਾਰ ਜਾਂ ਹਾਕਮ ਵਿਵਾਦਾਂ ’ਚ ਘਿਰ ਜਾਂਦੇ ਹਨ ਤਾਂ ਉਹ ਲੋਕਾਂ ਦਾ ਧਿਆਨ ਆਪਣੇ ਤੋਂ ਪਾਸੇ  ਕਰਨ ਲਈ ਅਜਿਹੇ ਪਾਖੰਡ ਡਰਾਮੇ ਸ਼ੁਰੂ ਕਰਵਾ ਦਿੰਦੇ ਹਨ। ਵਰਤਮਾਨ ਸਮੇਂ ਗੁੱਤਾਂ ਕੱਟਣ ਦਾ ਚੱਲ ਰਿਹਾ ਡਰਾਮਾ, ਮਾਨਸਿਕ ਰੋਗੀਆਂ, ਪਾਖੰਡੀ ਤੇ ਈਰਖਾ ਸਾੜੇ ਵਾਲਿਆਂ ਦਾ ਮਿਸ਼ਰਣ ਬਣ ਗਿਆ। ਜਿਸ ਕਾਰਣ ਉਹ ਜ਼ਿਆਦਾ ਫੈਲ ਵੀ ਗਿਆ ਤੇ ਘਟਨਾਵਾਂ ਵੀ ਤੇਜ਼ੀ ਨਾਲ ਵਾਪਰੀਆਂ। ਸਰਕਾਰ ਵੱਲੋਂ ਇਸ ‘ਪਾਖੰਡੀ ਡਰਾਮੇ’ ਵੱਲੋਂ ਘੇਸਲ ਵੱਟੀ ਹੋਈ ਹੈ, ਜਿਸ ਕਾਰਣ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਪਾਖੰਡ ਨੂੰ ਨਕੇਲ ਨਹੀਂ ਪਾਈ ਜਾ ਸਕੀ।

ਸਮੇਂ ਦੇ ਨਾਲ ਭਾਵੇਂ ਇਸ ‘ਪਾਖੰਡ ਦੇ ਡਾਰਮੇ’ ਨੇ ਖ਼ਤਮ ਹੋ ਜਾਣਾ ਹੈ, ਪ੍ਰੰਤੂ ਇਸ ਨਾਲ ਫੈਲੇ ਅੰਧਵਿਸਵਾਸ਼ ਨੇ ਪਹਿਲਾਂ ਹੀ ਅੰਨੇ ਲੋਕਾਂ ਦਾ ਅੰਨਾਪਣ ਹੋਰ ਗੂੜਾ ਕਰ ਦਿੱਤਾ ਹੈ, ਉਹ ਸੱਚ ਦੇਖਣ ਲਈ ਤਿਆਰ ਨਹੀਂ ਹਨ। ਅੱਜ ਜਦੋਂ ਦੁਨੀਆ ਸੂਚਨਾ ਤਕਨਾਲੋਜੀ ਦੀ ਸਦੀ ਮੰਨੀ ਜਾਂਦੀ 21ਵੀਂ ਸਦੀ ਦੇ ਦੂਜੇ ਦਹਾਕੇ ’ਚੋਂ ਲੰਘ ਰਹੀ ਹੈ ਅਤੇ ਵਿਗਿਆਨਕ ਖੋਜਾਂ ਸਿਖ਼ਰਾਂ ਵੱਲ ਜਾ ਰਹੀਆਂ ਹਨ, ਪੜਾਈ-ਲਿਖਾਈ ਵੱਧ ਰਹੀ ਹੈ, ਕੰਪਿੳੂਟਰੀ ਯੁੱਗ ਦਾ ਪ੍ਰਭਾਵ ਹਰ ਪਾਸੇ ਵਿਖਾਈ ਦਿੰਦਾ ਹੈ, ਉਸ ਸਮੇਂ ਅੰਧਵਿਸ਼ਵਾਸਾਂ ਦਾ ਪ੍ਰਭਾਵ ਵੀ ਦਿਨੋ ਦਿਨ ਵਧ ਰਿਹਾ ਹੈ, ਜਿਹੜਾ ਭਾਵੇਂ ਪਦਾਰਥਵਾਦੀ ਯੁੱਗ ਦੀ ਦੌੜ ਕਾਰਣ ਬੀਮਾਰ ਹੋ ਰਹੀ ਮਾਨਸਿਕਤਾ ਦਾ ਪ੍ਰਗਟਾਵਾ ਹੈ, ਪ੍ਰੰਤੂ ਨਰੋਏ ਸਮਾਜ ਲਈ ਚਿੰਤਾ ਦਾ ਵਰਤਾਰਾ ਜ਼ਰੂਰ ਹੈ, ਭਾਰਤ ਕਿਉਂਕਿ ਅਧਿਆਤਮਕ ਧਰਾਤਲ ਦਾ ਦੇਸ਼ ਹੈ, ਇਸ ਲਈ ਪਾਖੰਡੀ ਲੋਕ ਜਿੱਥੇ ਲੋਕਾਂ ਦੀ ਧਾਰਮਿਕ ਸ਼ਰਧਾ ਨੂੰ ਆਪਣੀ ਲੁੱਟ ਦਾ ਸਾਧਨ ਬਣਾਈ ਬੈਠੇ ਹਨ, ਉਥੇ ਅਧਿਆਤਮਕਤਾ ਤੋਂ ਟੁੱਟੀ ਲੋਕਾਈ ਦੀ ਕੰਮਜ਼ੋਰ ਮਾਨਸਿਕਤਾ ਦਾ ਲਾਹਾ ਲੈਣ ਲਈ ਪਾਖੰਡੀ ਸਾਧਾਂ, ਤਾਂਤਰਿਕਾਂ ਤੇ ਜੋਤਸ਼ੀਆਂ ਦਾ ਮੱਕੜ ਜਾਲ ਦਿਨੋ-ਦਿਨ ਫੈਲਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਜਿਸ  ਸਿੱਖ ਧਰਮ ਦੀ ਨੀਂਹ ਹੀ ਇਸ ਪਾਖੰਡਵਾਦ ਤੇ ਆਡੰਬਰਵਾਦ ਦੇ ਵਿਰੋਧ ’ਚ ਰੱਕੀ ਗਈ ਸੀ, ਉਸ ਧਰਮ ਦੀ ਬਹੁਗਿਣਤੀ ਮੁੜ ਤੋਂ ਪਾਖੰਡਵਾਦ, ਵਹਿਮ-ਭਰਮਾਂ ਤੇ ਅੰਧ-ਵਿਸ਼ਵਾਸਾਂ ਦੀ ਹਨੇਰੀ ਖੱਡ ’ਚ ਡਿੱਗ ਚੁੱਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਨ ਫਲਸਫ਼ੇ ਨੂੰ ਭੁੱਲ ਕੇ, ਵਿਗਿਆਨ ਵੱਲੋਂ ਵਿਖਾਏ ਜਾ ਰਹੇ ਚਾਨਣ ਤੋਂ ਮੂੰਹ ਮੋੜ ਕੇ, ਸਿੱਖ, ਪਾਖੰਡੀਆਂ ਦੇ ਪੈਰਾਂ ’ਚ ਜਾ ਡਿੱਗ ਰਹੇ ਹਨ। ਸ਼ੈਤਾਨ ਲੋਕਾਂ ਨੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਲਈ ਧਾਰਮਿਕ ਅੰਧਵਿਸ਼ਵਾਸਾਂ ਨੂੰ ਪੁਰਾਤਨ ਸਮੇਂ ਤੋਂ ਹੀ ਆਪਣਾ ਹਥਿਆਰ ਬਣਾਇਆ ਹੋਇਆ ਹੈ, ਸਮੇਂ ’ਚ ਆਉਂਦੀ ਤਬਦੀਲੀ ਨਾਲ ਸਿਰਫ਼ ਹਥਿਆਰ ਗਾ ਰੂਪ ਅਤੇ ਲੁੱਟ ਦਾ ਢੰਗ-ਤਰੀਕਾ ਬਦਲ ਜਾਂਦਾ ਹੈ।

Leave a Reply

Your email address will not be published. Required fields are marked *