ਪੰਜਾਬੀ ਏਕਤਾ ਪਾਰਟੀ ਤੇ ਹੋਰਨਾਂ ‘ਬਾਗ਼ੀ ਦਲਾਂ’ ਨੇ ਰਲਕੇ ਬਣਾਏ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਡਾ. ਧਰਮਵੀਰ ਗਾਂਧੀ ਪੀਡੀਏ ਦੇ ਪਟਿਆਲਾ ਤੋਂ ਉਮੀਦਵਾਰ ਹੋਣਗੇ। ਡਾ. ਗਾਂਧੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਉਤੇ ਜੋ ਭਰੋਸਾ ਕੀਤਾ ਗਿਆ ਹੈ, ਉਹ ਉਸ ਉਤੇ ਖਰੇ ਉਤਰਨਗੇ। ਦੱਸ ਦਈਏ ਕਿ ਡਾ. ਗਾਂਧੀ ਪਿਛਲੀ ਵਾਰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਤੋਂ ਚੋਣ ਲੜੇ ਸਨ ਤੇ ਜਿੱਤ ਹਾਸਲ ਕੀਤੀ ਸੀ।
ਡਾ. ਗਾਂਧੀ ਤੇ ਸੁਖਪਾਲ ਖਹਿਰਾ ਨੇ ਕੱਲ ਯਾਨੀ ਮੰਗਲਵਾਰ ਨੂੰ ਸਮਾਣਾ ਵਿੱਚ ਰੈਲੀ ਕੀਤੀ। ਰੈਲੀ ਦੌਰਾਨ ਖਹਿਰਾ ਨੇ ਹੋਕਾ ਦਿੱਤਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਮ ਆਦਮੀ ਪਾਰਟੀ ਵਰਗੇ ਭ੍ਰਿਸ਼ਟ ਸਿਆਸੀ ਦਲਾਂ ਦੇ ਚੁੰਗਲ ‘ਚੋਂ ਸੂਬੇ ਨੂੰ ਛੁਡਾਉਣਾ ਚਾਹੁੰਦੇ ਹਨ।
ਖਹਿਰਾ ਨੇ ਕਿਹਾ ਕਿ ਸਮਾਣਾ ਤੋਂ ਰਸ਼ਪਾਲ ਸਿੰਘ ਜੋੜਾਮਾਜਰਾ ਦੀ ਅਗਵਾਈ ਹੇਠ ਰੈਲੀ ਕੀਤੀ ਤੇ ਸੈਂਕੜੇ ਲੋਕਾਂ ਨੇ ਕਾਂਗਰਸ ਛੱਡ ਕੇ ਪੀਈਪੀ ਵਿੱਚ ਸ਼ਾਮਲ ਹੋਏ ਹਨ।
ਉੱਧਰ, ਮੋਗਾ ਦੇ ਕਸਬੇ ਨਿਹਾਲ ਸਿੰਘ ਵਾਲਾ ਵਿੱਚ ਵੀ ਪੀਈਪੀ ਦੇ ਮੀਤ ਪ੍ਰਧਾਨ, ‘ਆਪ’ ਦੇ ਸਾਬਕਾ ਨੇਤਾ ਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਆਮ ਆਦਮੀ ਪਾਰਟੀ ਤੋਂ ਸੈਂਕੜੇ ਵਰਕਰਾਂ ਦੇ ਪੀਈਪੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ।