Home / ਤਾਜਾ ਜਾਣਕਾਰੀ / ਭਾਈ ਘਨੱਈਆ ਜੀ ਬਾਰੇ ਵਿਸੇਸ ਜਾਣਕਾਰੀ

ਭਾਈ ਘਨੱਈਆ ਜੀ ਬਾਰੇ ਵਿਸੇਸ ਜਾਣਕਾਰੀ

ਭਾਈ ਘਨੱਈਆ ਜੀ ਬਾਰੇ ਵਿਸੇਸ ਜਾਣਕਾਰੀ ਦਇਆਵਾਨ ਤੇ ਸਾਂਝੀਵਾਲਤਾ ਦੇ ਪ੍ਰੀਤਕ ਭਾਈ ਘਨੱਈਆ ਜੀ ਦਾ ਜਨਮ ਸੰਨ 1648 ‘ਚ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਸੌਦਾਰਾ ਵਿਖੇ ਮਾਤਾ ਸੁੰਦਰੀ ਜੀ ਅਤੇ ਪਿਤਾ ਨੱਥੂ ਰਾਮ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੇ ਬਚਪਨ ਤੋਂ ਹੀ ਮਨੁੱਖਤਾ ਦੀ ਸੇਵਾ ਨੂੰ ਉੱਤਮ ਕਾਰਜ ਮੰਨਿਆ। ਗ਼ਰੀਬਾਂ, ਬੇਸਹਾਰਿਆਂ ਅਤੇ ਕਿਸੇ ਵੀ ਤਰ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਭਲਾਈ ਕਰਨਾ ਆਪਜੀ ਨੇ ਆਪਣਾ ਫਰਜ਼ ਸਮਝਿਆ। ਧਰਮ ਨੂੰ ਲੋਕ-ਹਿੱਤਾਂ ਨਾਲ ਜੋੜ ਕੇ ਵੇਖਣ ਦੀ ਦ੍ਰਿਸ਼ਟੀ ਨੂੰ ਸਭ ਤੋਂ ਵੱਧ ਉਜਾਗਰ ਕੀਤਾ। ਲੋੜਵੰਦਾਂ ਦੀ ਸੇਵਾ ਨੂੰ ਆਪਣਾ ਕਰਮ-ਧਰਮ ਮੰਨਦੇ ਹੋਏ ਉਨ੍ਹਾਂ ਲੋਕਾਂ ਵਿਚ ਆਪਸੀ ਪ੍ਰੇਮ-ਪਿਆਰ, ਸਮਾਨਤਾ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕੀਤਾ।ਗੁਰੂ ਘਰ ਦੇ ਸੱਚੇ ਸੇਵਕ ਭਾਈ ਘਨੱਈਆ ਜੀ ਨੇ ਦਸਮ ਪਿਤਾ ਅਤੇ ਮੁਗਲਾਂ ਤੇ ਪਹਾੜੀ ਹਿੰਦੂ ਰਾਜਿਆਂ ਦਰਮਿਆਨ ਹੋਈਆਂ ਜੰਗਾਂ ਵਿਚ ਸਿੱਖਾਂ ਦੇ ਨਾਲ-ਨਾਲ ਵੈਰੀ ਦਲ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਕੇ ਅਤੇ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਕਰ ਕੇ ਮਨੁੱਖੀ ਸੇਵਾ ਦੀ ਸਹੀ ਪਰਿਭਾਸ਼ਾ ਦੁਨੀਆ ਸਾਹਮਣੇ ਪੇਸ਼ ਕੀਤੀ ਜੋ ਕਿ ਇਕ ਤਰ੍ਹਾਂ ਨਾਲ ਰੈੱਡ ਕਰਾਸ ਲਹਿਰ ਦਾ ਮੁੱਢ ਹੀ ਸੀ।ਪੁਰਾਤਨ ਇਤਿਹਾਸ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਰੇ ਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਤਾਂ ਆਪ ਵੀ ਗੁਰੂ ਜੀ ਕੋਲ ਪਹੁੰਚ ਗਏ ਤੇ ਗੁਰੂ ਜੀ ਦੇ ਕਹਿਣ ‘ਤੇ ਪਾਣੀ ਦੀਆਂ ਮਸ਼ਕਾਂ ਭਰ-ਭਰ ਕੇ ਪਿਆਸਿਆਂ ਦੀ ਪਿਆਸ ਬੁਝਾਉਂਦੇ ਰਹੇ। ਆਪ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਗੁਰੂ ਜੀ ਦੇ ਨਾਲ ਹੀ ਚਲੇ ਗਏ। ਉਥੇ ਜਦ ਜੰਗਾਂ-ਯੁੱਧਾਂ ਦਾ ਚੱਕਰ ਚੱਲ ਪਿਆ ਤਾਂ ਆਪ ਨੇ ਪਾਣੀ ਪਿਲਾਉਣ ਦੀ ਅਤਿ ਕਠਿਨ ਸੇਵਾ ਸੰਭਾਲ ਲਈ। ਆਪ ਚਿੱਟੇ ਬਸਤਰ ਪਹਿਨ ਕੇ ਬਿਨਾਂ ਵਿਤਕਰੇ ਦੇ ਪਾਣੀ ਪਿਲਾਈ ਜਾਂਦੇ ਸਨ। ਜਦ ਸਿੱਖਾਂ ਨੇ ਦੇਖਿਆ ਕਿ ਭਾਈ ਘਨੱਈਆ ਸਾਡੇ ਨਾਲ-ਨਾਲ ਵੈਰੀਆਂ ਨੂੰ ਵੀ ਪਾਣੀ ਪਿਲਾਈ ਜਾਂਦੇ ਹਨ, ਤਾਂ ਇੱਥੋਂ ਤੱਕ ਕਿਹਾ ਗਿਆ ਕਿ ਲੱਗਦਾ ਹੈ ਇਨ੍ਹਾਂ ਨੂੰ ਵੈਰੀਆਂ ਨੇ ਖ਼ਰੀਦ ਲਿਆ ਹੈ। ਇਸ ਦੀ ਸ਼ਿਕਾਇਤ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ। ਗੁਰੂ ਜੀ ਦੇ ਪੁੱਛਣ ‘ਤੇ ਭਾਈ ਘਨੱਈਆ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਹੇ ਪਾਤਸ਼ਾਹ, ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਹਰ ਥਾਵੇਂ ਆਪ ਜੀ ਦਾ ਹੀ ਰੂਪ ਵੇਖਦਾ ਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਮੱਲ੍ਹਮ ਦੀ ਡੱਬੀ ਤੇ ਪੱਟੀ ਵੀ ਨਾਲ ਦੇ ਦਿੱਤੀ ਤੇ ਹੁਕਮ ਕੀਤਾ ਕਿ ਭਾਈ ਘਨੱਈਆ ਜੀ ਅੱਜ ਤੋਂ ਮੱਲ੍ਹਮ ਪੱਟੀ ਦੀ ਸੇਵਾ ਵੀ ਸੰਭਾਲ ਲਉ ਤੇ ਪਾਣੀ ਪਿਲਾਉਣ ਦੇ ਨਾਲ ਜ਼ਖ਼ਮੀਆਂ ਦੇ ਮੱਲ੍ਹਮ ਪੱਟੀ ਵੀ ਕਰ ਦਿਆ ਕਰੋ। ਜੇਕਰ ਅੱਜ ਰੈੱਡ ਕਰਾਸ ਦਾ ਅਸਲ ਜਨਮ ਦਾਤਾ ਭਾਈ ਘਨੱਈਆ ਜੀ ਨੂੰ ਕਿਹਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।ਸੰਨ 1704 ਈ: ਵਿਚ ਜਦ ਗੁਰੂ ਜੀ ਨੇ ਅਨੰਦਪੁਰ ਛੱਡਿਆ ਤਾਂ ਆਪ ਜੀ ਫਿਰ ਉਰਾ ਕਵ੍ਹੇ ਪਿੰਡ ਆ ਗਏ। ਭਾਈ ਘਨੱਈਆ ਜੀ ਗੁਰੂ ਜੀ ਦੇ ਬਹੁਤ ਹੀ ਪਿਆਰੇ ਸਿੱਖ ਬਣ ਗਏ ਸਨ। ਸੇਵਾ ਤੇ ਸਿਮਰਨ ਦੀ ਮੂਰਤੀ ਭਾਈ ਘਨੱਈਆ ਜੀ ਨਾਮ ਬਾਣੀ ਦੇ ਰਸੀਏ ਸਨ।ਆਪ ਅੰਤ ਸਮਾਂ ਨੇੜੇ ਆਇਆ ਜਾਣ ਕੇ 1718 ਵਿਚ ਉਰਾ ਕਵ੍ਹੇ ਵਿਚ ਰੋਜ਼ਾਨਾ ਹੀ ਕੀਰਤਨ ਸੁਣਦੇ ਰਹਿੰਦੇ ਸਨ। ਅੰਤਲੇ ਸਮੇਂ ਵੀ ਆਪ ਥੰਮ੍ਹ ਨਾਲ ਢੋਹ ਲਾ ਕੇ ਕੀਰਤਨ ਸੁਣ ਰਹੇ ਸਨ। 20 ਸਤੰਬਰ, 1718 ਈ: ਨੂੰ ਕੀਰਤਨ ਦੀ ਸਮਾਪਤੀ ‘ਤੇ ਵੀ ਜਦ ਆਪ ਦੀ ਸਮਾਧੀ ਨਾ ਖੁੱਲ੍ਹੀ ਤਾਂ ਸੰਗਤਾਂ ਦੇ ਹਿਲਾਉਣ ‘ਤੇ ਪਤਾ ਲੱਗਾ ਕਿ ਆਪ ਜੀ ਸੱਚਖੰਡ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਉਨ੍ਹਾਂ ਦੇ ਸੇਵਾ ਅਸਥਾਨ ਭਾਈ ਘਨੱਈਆ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਤੇ ਪੂਰੇ ਦੇਸ਼ ਅੰਦਰ ਵੱਖ-ਵੱਖ ਸੰਸਥਾਵਾਂ ਵਲੋਂ ਹਰ ਸਾਲ 20 ਸਤੰਬਰ ਨੂੰ ਇਨ੍ਹਾਂ ਦੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ।

Check Also

Dera Baba Murad Shah

Baba Murad Shah Ji became a disciple of Baba Shere Shah Ji.[2] He opted Fakeeri …

Leave a Reply

Your email address will not be published. Required fields are marked *