ਸਿੱਖ ਨੇ ਮਸਜਿਦ ਦੀ ਉਸਾਰੀ ਲਈ ਦਾਨ ਦਿੱਤੀ ਜ਼ਮੀਨ,ਮੁਜ਼ੱਫਰਨਗਰ ਜ਼ਿਲੇ ‘ਚ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ, ਜਿੱਥੇ ਇਕ ਸਿੱਖ ਵਿਅਕਤੀ ਨੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮਹੀਨੇ ਦੌਰਾਨ ਇਕ ਮਸਜਿਦ ਲਈ ਜ਼ਮੀਨ ਦਾਨ ਦਿੱਤੀ। ਸਮਾਜਿਕ ਵਰਕਰ ਸੁਖਪਾਲ ਸਿੰਘ ਬੇਦੀ ਨੇ ਐਤਵਾਰ ਭਾਵ ਕੱਲ ਜ਼ਿਲੇ ਦੇ ਪੁਰਕਾਜੀ ਸ਼ਹਿਰ ‘ਚ ਇਕ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਨੇ ਨਗਰ ਪੰਚਾਇਤਦੇ ਪ੍ਰਧਾਨ ਜ਼ਹੀਰ ਫਾਰੂਕੀ ਨੂੰ 900 ਵਰਗ ਫੁੱਟ ਪਲਾਂਟ ਲਈ ਜ਼ਮੀਨ ਦੇ ਦਸਤਾਵੇਜ਼ ਸੌਂਪ ਦਿੱਤੇ।ਇੱਥੇ ਦੱਸ ਦੇਈਏ ਕਿ ਪੁਰਕਾਜੀ ਸ਼ਹਿਰ ‘ਚ ਮੁਸਲਮਾਨਾਂ ਦੀ ਵੱਡੀ ਆਬਾਦੀ ਹੈ। ਬੇਦੀ ਦੀ ਅਜਿਹੀ ਦਰਿਆ-ਦਿਲੀ ਸਿੱਖ-ਮੁਸਲਮਾਨਾਂ ਪ੍ਰਤੀ ਪਿਆਰ ਨੂੰ ਉਜਾਗਰ ਕਰਦੀ ਹੈ। ਬੇਦੀ ਨੇ ਸਾਰੇ ਲੋਕਾਂ ਨਾਲ ਸਨਮਾਨ ਅਤੇ ਆਦਰ ਨਾਲ ਵਤੀਰਾ ਕਰਨ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣਾ ਚਾਹੁੰਦੇ ਹਨ।
ਦੋਹਾਂ ਭਾਈਚਾਰੇ ਦੇ ਲੋਕਾਂ ਨੇ ਸਿੰਘ ਦੀ ਇਸ ਪਹਿਲ ਦਾ ਸੁਆਗਤ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਦੇ ਇਸ ਕਦਮ ਨਾਲ ਆਪਸੀ ਪਿਆਰ ਹੋਰ ਵਧੇਗਾ। ਓਧਰ ਮੁਸਲਿਮ ਸਮਾਜ ਦੇ ਲੋਕਾਂ ਨੇ ਵੀ ਸਿੰਘ ਦੇ ਫੈਸਲੇ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਧੰਨਵਾਦ ਕਿਹਾ।
ਸਿੱਖ ਨੇ ਮਸਜਿਦ ਦੀ ਉਸਾਰੀ ਲਈ ਦਾਨ ਦਿੱਤੀ ਜ਼ਮੀਨ
