ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣਾ ਕਹਿ ਲਈਏ ਤਾਂ ਅਤਿਕਥਨੀ ਨਹੀਂ ਹੋਵੇਗੀ। ਭਾਈ ਜਸਵੰਤ ਸਿੰਘ ਖਾਲੜਾ ਨੂੰ ਬਚਪਨ ਵਿੱਚ ਹੀ ਅਜਿਹਾ ਲੋਕ ਸੇਵਾ ਦਾ ਮਾਰਗ ਚੁਣਨ ਲਈ ਸੁਭਾਗ ਪ੍ਰਾਪਤ ਹੋਇਆ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਸ ਨੂੰ ‘ਮਾਰਕਸਵਾਦ’ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਪੰਜਾਬ ’ਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜਗ ਜ਼ਾਹਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਹੈ ਉਸ ਵੇਲੇ ਦਿੱਲੀ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬਰਬਾਦੀ ਦੇ ਨਾਲ ਅਨੇਕਾਂ ਹੋਰ ਗੁਰਧਾਮਾਂ ਨੂੰ ਪਲੀਤ ਕਰ ਮਾਰਿਆ।
ਵੱਡੀ ਪੱਧਰ ‘ਤੇ ਸਿੱਖਾਂ ਦੀ ਨਸਲਕੁਸ਼ੀ ਆਰੰਭ ਹੋ ਗਈ। ਤਸੀਹਾ ਕੇਂਦਰ ਥਾਂ-ਥਾਂ ਹੋਂਦ ਵਿਚ ਆ ਗਏ। ਸਿੱਖਾਂ ਦੀ ਅਣਖ ਰੋਲੀ ਗਈ। ਸ. ਖਾਲੜਾ ਇਨ੍ਹਾਂ ਦੇ ਤਾਂਡਵ ਨਾਚ ਨੂੰ ਦੇਖਦਾ ਵੀ ਸੀ, ਪਛਾਣਦਾ ਵੀ ਸੀ ਅਤੇ ਅੰਤ ਵਿਚ ਆਪ ਵੀ ਉਸ ਨੇ ਇਹ ਹੰਢਾਇਆ।ਕੁਝ ਇਸ ਕਿਸਮ ਦੀ ਪਿੱਠ ਭੂਮੀ ਵਿਚ ਜਦ ਖਾਲੜਾ ਜੀ ਦੇ ਇਕ ਮਿੱਤਰ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ, ਗੁੰਮ ਹੋ ਗਏ ਤਾਂ ਸਾਧਾਰਨ ਢੰਗ ਨਾਲ ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪੁਲਿਸ ਮੁਕਾਬਲੇ ਦੀ ਗੱਲ ਕੰਨੀਂ ਪਈ।
ਅੰਮ੍ਰਿਤਸਰ ਸ਼ਮਸ਼ਾਨਘਾਟ ਤੋਂ ਪਤਾ ਕਰਨ ‘ਤੇ ਇਹ ਦੁੱਖਦਾਈ ਕਹਾਣੀ ਸੱਚੀ ਸਾਬਤ ਹੋਈ। ਅੱਗੇ ਜਾ ਕੇ ਉਸ ਮ੍ਰਿਤਕ ਮਨੁੱਖ ਦੇ ਇਕ ਹੋਰ ਸਾਥੀ ਦੀ ਮੌਤ ਦੀ ਜਾਣਕਾਰੀ ਵੀ ਮਿਲੀ। ਇਸੇ ਲੜੀ ਵਿਚ ਅਨੇਕਾਂ ਹੋਰ ‘ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਦੀ ਗੱਲ ਧਿਆਨ ਵਿਚ ਆਈ।ਮਿਉਂਸਪਲ ਕਮੇਟੀ ‘ਚੋਂ ਕਿੰਨੀਆਂ ਲੱਕੜਾਂ ਆਈਆਂ, ਕਲਰਕਾਂ ਨੇ ਉਨ੍ਹਾਂ ਵਿੱਚੋਂ ਕਿੰਨੀ ਰਿਸ਼ਵਤ ਖਾਧੀ ਤੇ ਫਿਰ ਤਰਨਤਾਰਨ ਤੇ ਪੱਟੀ ਦੇ ਸ਼ਮਸ਼ਾਨਘਾਟਾਂ ਵਿਚ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਤੇ ਕਿੰਨੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਹੋਏ |
ਕਿੰਨੇ ਅੱਧਸੜੇ ਮਨੁੱਖੀ ਅੰਗ ਕੁੱਤੇ ਵੀ ਖਾਂਦੇ ਰਹੇ, ਇਨ੍ਹਾਂ ਨਾਲ ਜੁੜੀਆਂ ਹੋਰ ਅਨੇਕ ਘਟਨਾਵਾਂ ਖਾਲੜਾ ਜੀ ਆਪਣੀ ਡਾਇਰੀ ਵਿਚ ਕਲਮਬੰਦ ਕਰਦੇ ਗਏ। ਸ਼ਮਸ਼ਾਨਘਾਟ ਦੇ ਰਜਿਸਟਰਾਂ ਦੀਆਂ ਨਕਲਾਂ ਅਤੇ ਟਾਵੇਂ-ਟਾਵੇਂ ਮ੍ਰਿਤਕਾਂ ਦੇ ਨਾਂ ਪਤੇ ਵੀ ਉਨ੍ਹਾਂ ਦੇ ਹੱਥ ਆ ਗਏ। ਖਾਲ਼ੜਾ ਜੀ ਨੇ ‘ਅਣਪਛਾਤੀਆਂ ਲਾਸ਼ਾਂ” ਦੀ ਕਹਾਣੀ ਜੱਗ ਜ਼ਾਹਰ ਕਰਦਿਆਂ ਅਮਰੀਕਾ, ਕਨੇਡਾ ਤੇ ਬਰਤਾਨੀਆ ਦੀਆਂ ਪਾਰਲੀਮੈਂਟਾਂ ਅਤੇ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਸਿੱਖਾਂ ਮ੍ਰਿਤਕਾਂ ਦੀ ਲਿਸਟਾਂ ਉਨ੍ਹਾਂ ਨੂੰ ਦੇ ਦਿੱਤੀਆਂ ਸਨ।
ਥੋੜ੍ਹੀ ਜਹੀ ਰਾਜਨੀਤੀ ਵਰਤਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਨੁੱਖੀ ਅਧਿਕਾਰ ਸੰਸਥਾ ਦਾ ਜਨਰਲ ਸਕੱਤਰ ਬਣਾਈ ਰੱਖਿਆ।ਪੰਜਾਬ ਪੁਲਿਸ ਸ. ਖਾਲੜੇ ਪਾਸੋਂ ਅਜਿਹੀ ਗੱਲ ਅਖਵਾਉਣਾ ਚਾਹੁੰਦੇ ਸਨ, ਜਿਸ ਨਾਲ ‘ਅਣਪਛਾਤੀਆਂ ਲਾਸ਼ਾਂ’ ਦੀ ਕਹਾਣੀ ਤੇ ਪਰਦਾ ਪਾਇਆ ਜਾ ਸਕੇ। ਸ. ਖਾਲੜੇ ਦੀ ਇਸ ਪੈਂਤੜੇ ਤੇ ਆ ਕੇ ਪਰਖ ਦੀ ਘੜੀ ਆ ਗਈ। ਕਾਮਰੇਡੀ ਜੀਵਨ ਆਰੰਭ ਕਰਕੇ ਸਿੱਖੀ ਦਾ ਰਸਤਾ ਫੜਦਿਆਂ ਹੀ ਉਹ ਖਾਲੜਾ ਤੋਂ ਸ਼ਹੀਦ ਹੋ ਨਿਬੜਿਆ।
6 ਸਤੰਬਰ ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇਕ ਧਾੜ ਆਈ ਤੇ ਪਲੋ ਪਲੀ ਦਿਨ ਵੇਲੇ ਸ.ਖਾਲੜਾ ਦੇ ਅੰਮ੍ਰਿਤਸਰ ਸ਼ਹਿਰ ਸਥਿੱਤ ਕਬੀਰ ਪਾਰਕ ਵਾਲੇ ਘਰ ਵਿਚੋਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ। ਇਹ ਪਰਖ ਦੀ ਘੜੀ ਉਦੋਂ ਆਈ ਜਦੋਂ ਥਾਣਾ ਝਬਾਲ ਦੇ ਇਕ ਸੈੱਲ ਵਿਚ ਉਸ ਨੂੰ ਤਸੀਹੇ ਦਿੱਤੇ ਗਏ। ਗੱਲ ਸਿਰਫ ਏਨੀ ਸੀ ਕਿ ਸ. ਖਾਲੜਾ ਨੇ ‘ਅਣਪਛਾਤੀਆਂ ਲਾਸ਼ਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਜੋ ਕਿਹਾ ਹੈ, ਉਹ ਉਸ ਨੂੰ ਵਾਪਸ ਲੈ ਲਵੇ।
ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਪੁਲਿਸ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਪੇਸ਼ ਕੀਤਾ ਸ. ਖਾਲੜਾ ਸਿੱਖੀ ਦੇ ਰਾਹ ਉੱਤੇ ਚੱਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਸ. ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਗੋਲੀ ਨਾਲ ਮਾਰ ਕੇ ਉਹਨਾਂ ਦੀ ਲਾਸ਼ ਲਹੂ ਨਾਲ ਭਿੱਜ ਨੂੰ ਹਰੀ ਕੇ ਪੱਤਣ ਰਾਜਸਥਾਨ ਨਹਿਰ ਵਿਚ ਰੋੜ੍ਹ ਦਿੱਤੀ। ਸੀਬੀਆਈ ਨੇ ਖਾਲੜਾ ਕੇਸ ਦੀ ਛਾਣਬੀਨ ਕੀਤੇ ਤੇ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾ ਦਿਤੀ।